
ਸ਼ਹਿਰ ਦੇ ਕਪੂਰਥਲਾ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਵੱਲੋਂ ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਟੱਕਰ ਮਾਰਨ ਦਾ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਦੇ ਏਅਰਬੈਗ ਤੱਕ ਖੁੱਲ੍ਹ ਗਏ। ਇਸ ਘਟਨਾ ਵਿੱਚ ਤਿੰਨ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਹੰਗਾਮਾ ਸ਼ੁਰੂ ਹੋ ਗਿਆ।
ਲੋਕਾਂ ਨੇ ਲਗਾਏ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼
ਸਥਾਨਕ ਲੋਕਾਂ ਅਨੁਸਾਰ ਕਾਰ ਬਹੁਤ ਹੀ ਤੇਜ਼ ਰਫ਼ਤਾਰ ਵਿੱਚ ਆ ਰਹੀ ਸੀ। ਅਚਾਨਕ ਚਾਲਕ ਦਾ ਗੱਡੀ ਤੋਂ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕਿਨਾਰੇ ਬਣੇ ਗਟਰ ਤੇ ਰੁੱਖ ਨਾਲ ਜਾ ਟਕਰਾਈ। ਇਸ ਦੌਰਾਨ ਉੱਥੇ ਬੈਠੇ ਮਜ਼ਦੂਰ ਕਾਰ ਦੀ ਲਪੇਟ ‘ਚ ਆ ਗਏ। ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ।
ਕਾਰ ਚਾਲਕ ਦਾ ਦਾਅਵਾ – “ਟਾਇਰ ਫਟਣ ਨਾਲ ਹੋਇਆ ਹਾਦਸਾ”
ਦੂਜੇ ਪਾਸੇ ਕਾਰ ਚਾਲਕ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਹ ਗੱਡੀ ਆਮ ਰਫ਼ਤਾਰ ‘ਚ ਹੀ ਚਲਾ ਰਿਹਾ ਸੀ। ਉਸ ਅਨੁਸਾਰ ਸੜਕ ‘ਤੇ ਬਣੇ ਟੁੱਟੇ ਗਟਰ ਜਾਂ ਬਾਹਰ ਨਿਕਲੇ ਲੋਹੇ ਦੇ ਸਰਿਏ ਨਾਲ ਟਕਰਾਉਣ ਕਾਰਨ ਕਾਰ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਰਕੇ ਗੱਡੀ ਬੇਕਾਬੂ ਹੋ ਕੇ ਮਜ਼ਦੂਰਾਂ ਨਾਲ ਜਾ ਟਕਰਾਈ।
ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੇ ਜਾਂਚ ਅਧਿਕਾਰੀ ASI ਜਗਤਾਰ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਖਰਾਬ ਹੋਈ ਕਾਰ ਨੂੰ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਾਈਟ: ਜਗਤਾਰ ਸਿੰਘ (ASI, ਥਾਣਾ ਬਸਤੀ ਬਾਵਾ ਖੇਲ) “ਅਸੀਂ ਮੌਕੇ ‘ਤੇ ਪਹੁੰਚ ਕੇ ਗੱਡੀ ਨੂੰ ਕਬਜ਼ੇ ‘ਚ ਲੈ ਲਿਆ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।”