
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਅੱਲਗ-ਅੱਲਗ ਨਸ਼ਾ ਤਸਕਰੀ ਨੈੱਟਵਰਕਾਂ ਦਾ ਭੰਡਾਫੋੜ ਕੀਤਾ ਹੈ। ਪੁਲਿਸ ਨੇ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 6.582 ਕਿਲੋਗ੍ਰਾਮ ਹੈਰੋਇਨ ਅਤੇ 9.90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਗੁਪਤ ਇਤਲਾਹ ‘ਤੇ ਕੀਤੀ ਗਈ ਕਾਰਵਾਈ
ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਪੁਖ਼ਤਾ ਗੁਪਤ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਸੀ, ਜਿਸ ਨਾਲ ਨਸ਼ਾ ਤਸਕਰੀ ‘ਚ ਸਰਗਰਮ ਦੋ ਗਿਰੋਹਾਂ ਦਾ ਪਰਦਾਫਾਸ਼ ਹੋਇਆ। ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਹੋਏ ਹਨ, ਜਿਨ੍ਹਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਬਾਰੀਕੀ ਨਾਲ ਅੱਗੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਅਜਨਾਲਾ ਅਤੇ ਬਿਆਸ ਥਾਣਿਆਂ ‘ਚ FIR ਦਰਜ
ਇਸ ਸਬੰਧੀ ਥਾਣਾ ਅਜਨਾਲਾ ਅਤੇ ਥਾਣਾ ਬਿਆਸ ਵਿਖੇ ਐਨ.ਡੀ.ਪੀ.ਐਸ. (NDPS) ਐਕਟ ਤਹਿਤ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧਾਈ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਦੇ ਅਗਲੇ-ਪਿਛਲੇ (Backward & Forward) ਲਿੰਕ ਸਥਾਪਿਤ ਕੀਤੇ ਜਾ ਸਕਣ ਅਤੇ ਤਸਕਰੀ ਗਿਰੋਹ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਸਪਲਾਈ ਚੇਨ ਨੂੰ ਤੋੜਨਾ ਮੁੱਖ ਮਕਸਦ
ਪੁਲਿਸ ਮੁਤਾਬਕ ਜਾਂਚ ਦਾ ਮੁੱਖ ਮਕਸਦ ਸਿਰਫ਼ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੱਕ ਸੀਮਤ ਰਹਿਣਾ ਨਹੀਂ, ਸਗੋਂ ਨਸ਼ੇ ਦੀ ਪੂਰੀ ਸਪਲਾਈ ਚੇਨ ਨੂੰ ਧਵਸਤ ਕਰਨਾ ਹੈ। ਇਸ ਲਈ ਅੰਤਰਰਾਜੀ (Inter-State) ਅਤੇ ਸਰਹੱਦ ਪਾਰ ਨਾਲ ਜੁੜੇ ਸੰਭਾਵੀ ਨੈੱਟਵਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਨਸ਼ਾ ਮੁਕਤ ਪੰਜਾਬ ਲਈ ਵਚਨਬੱਧ
ਪੰਜਾਬ ਪੁਲਿਸ ਨੇ ਦੁਹਰਾਇਆ ਹੈ ਕਿ ਸੂਬੇ ਵਿੱਚੋਂ ਨਸ਼ਾ ਤਸਕਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਹ ਮੁਹਿੰਮ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ। ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਲਗਾਤਾਰ ਅਮਲ ਵਿੱਚ ਲਿਆਂਦੀਆਂ ਜਾਣਗੀਆਂ।
AmritsarPolice #PunjabPolice #DrugBust #HeroinSeized #NDPSAct #PunjabNews #Ajnala #Beas #CrimeNews #DrugFreePunjab