
ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਆਪਣੀ ਸੁਪਰਹਿੱਟ ਫਿਲਮ ‘3 Idiots’ ਅਤੇ ਆਪਣੇ ਕਿਰਦਾਰ ‘ਫੁੰਸੁਕ ਵਾਂਗਡੂ’ (ਰੈਂਚੋ) ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ। ਲੰਡਨ ਇੰਡੀਅਨ ਫਿਲਮ ਫੈਸਟੀਵਲ ਦੌਰਾਨ ਇੱਕ ਪ੍ਰੋਗਰਾਮ ਵਿੱਚ ਗੱਲਬਾਤ ਕਰਦਿਆਂ ਆਮਿਰ ਖਾਨ ਨੇ ਸਪੱਸ਼ਟ ਕੀਤਾ ਕਿ ਇਹ ਫਿਲਮ ਲਦਾਖ ਦੇ ਮਸ਼ਹੂਰ ਸਮਾਜਿਕ ਕਾਰਕੁਨ ਅਤੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਦੇ ਜੀਵਨ ‘ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਨੇ ਸਾਲਾਂ ਤੋਂ ਚੱਲ ਰਹੀ ਇਸ ਧਾਰਨਾ ਨੂੰ ਮਹਿਜ਼ ਇੱਕ ਭੁਲੇਖਾ (Misconception) ਦੱਸਿਆ ਹੈ।
ਆਮਿਰ ਖਾਨ ਨੇ ਕਿਹਾ, “ਇਹ ਸੱਚ ਨਹੀਂ ਹੈ ਕਿ ਫਿਲਮ ਉਨ੍ਹਾਂ ‘ਤੇ ਬਣੀ ਹੈ। ਜਦੋਂ ਅਸੀਂ ‘3 Idiots’ ਫਿਲਮ ਬਣਾ ਰਹੇ ਸੀ, ਉਦੋਂ ਨਾ ਤਾਂ ਮੈਂ, ਨਾ ਹੀ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਅਤੇ ਨਾ ਹੀ ਲੇਖਕ ਅਭਿਜਾਤ ਜੋਸ਼ੀ, ਸੋਨਮ ਵਾਂਗਚੁਕ ਜੀ ਬਾਰੇ ਕੁਝ ਜਾਣਦੇ ਸੀ।”
‘ਚਤੁਰ’ ਦਾ ਦਾਅਵਾ ਗਲਤ ਹਾਲ ਹੀ ਵਿੱਚ ਫਿਲਮ ਵਿੱਚ ‘ਚਤੁਰ ਰਾਮਲਿੰਗਮ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਓਮੀ ਵੈਦਿਆ ਨੇ ਇੱਕ ਵੀਡੀਓ ਸਾਂਝੀ ਕਰਕੇ ਦਾਅਵਾ ਕੀਤਾ ਸੀ ਕਿ ਆਮਿਰ ਖਾਨ ਦਾ ਕਿਰਦਾਰ ਸੋਨਮ ਵਾਂਗਚੁਕ ਤੋਂ ਪ੍ਰੇਰਿਤ ਸੀ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮਿਰ ਖਾਨ ਨੇ ਕਿਹਾ, “ਮੈਂ ਹਾਲ ਹੀ ਵਿੱਚ ਚਤੁਰ (ਓਮੀ ਵੈਦਿਆ) ਦੀ ਵੀਡੀਓ ਦੇਖੀ ਹੈ, ਉਹ ਬਿਲਕੁਲ ਗਲਤ ਕਹਿ ਰਿਹਾ ਹੈ।”
ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਦੀ ਸਿਹਤ ਲਈ ਜਤਾਈ ਚਿੰਤਾ ਦੱਸਣਯੋਗ ਹੈ ਕਿ ਸੋਨਮ ਵਾਂਗਚੁਕ ਇਸ ਵੇਲੇ ਦਿੱਲੀ ਦੇ ਜੰਤਰ-ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠੇ ਹਨ। ਆਮਿਰ ਖਾਨ ਨੇ ਉਨ੍ਹਾਂ ਦੀ ਸਿਹਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ, “ਸੋਨਮ ਵਾਂਗਚੁਕ ਜੋ ਵੀ ਕੰਮ ਕਰ ਰਹੇ ਹਨ, ਉਹ ਬਹੁਤ ਵਧੀਆ ਹੈ। ਸਾਡੇ ਦਿਲ ਵਿੱਚ ਉਨ੍ਹਾਂ ਦੇ ਕੰਮ ਲਈ ਬਹੁਤ ਸਤਿਕਾਰ ਹੈ ਅਤੇ ਇਸ ਸਤਿਕਾਰ ਲਈ ਉਨ੍ਹਾਂ ਦਾ ‘3 Idiots’ ਦੇ ਕਿਰਦਾਰ ਨਾਲ ਜੁੜਿਆ ਹੋਣਾ ਜ਼ਰੂਰੀ ਨਹੀਂ ਹੈ। ਅਸੀਂ ਸਾਰੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਜਲਦੀ ਆਪਣਾ ਵਰਤ ਖ਼ਤਮ ਕਰਨਗੇ।”