Skip to main content

thepunjabilink.com

FIFA World Cup: ਪੁਰਤਗਾਲ ਦੀ ਸ਼ਾਨਦਾਰ ਜਿੱਤ, ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ

ਸਪੋਰਟਸ ਡੈਸਕ: ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੁਰਤਗਾਲ ਨੇ ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ‘ਕੇ’ ਦੇ ਮੁਕਾਬਲੇ ਵਿੱਚ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਪੁਰਤਗਾਲ ਨੇ ਆਪਣੇ ਅਗਲੇ ਗੇੜ ਵਿੱਚ ਪਹੁੰਚਣ ਦੀਆਂ ਉਮੀਦਾਂ ਮਜ਼ਬੂਤ ਕਰ ਲਈਆਂ।

ਪਹਿਲੇ ਮੈਚ ਵਿੱਚ ਕਾਂਗੋ ਖ਼ਿਲਾਫ਼ 1-1 ਨਾਲ ਡਰਾਅ ਖੇਡਣ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰ ਰਹੇ 41 ਸਾਲਾ ਕ੍ਰਿਸਟੀਆਨੋ ਰੋਨਾਲਡੋ ਨੇ ਦੋ ਗੋਲ ਕਰਕੇ ਨਵਾਂ ਇਤਿਹਾਸ ਰਚ ਦਿੱਤਾ। ਉਹ ਛੇ ਵੱਖ-ਵੱਖ ਫੀਫਾ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।

ਰੋਨਾਲਡੋ ਨੇ ਮੈਚ ਦੇ ਛੇਵੇਂ ਮਿੰਟ ਵਿੱਚ ਹੀ ਗੋਲ ਕਰਕੇ ਪੁਰਤਗਾਲ ਨੂੰ 1-0 ਦੀ ਲੀਡ ਦਿਵਾਈ। ਇਸ ਤੋਂ ਬਾਅਦ ਉਨ੍ਹਾਂ ਨੇ 39ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕਰਕੇ ਟੀਮ ਦੀ ਪਕੜ ਹੋਰ ਮਜ਼ਬੂਤ ਕਰ ਦਿੱਤੀ।

ਪੁਰਤਗਾਲ ਲਈ ਨੂਨੋ ਮੈਂਡੇਜ਼ ਅਤੇ ਰਾਫੇਲ ਲਿਆਓ ਨੇ ਵੀ ਇੱਕ-ਇੱਕ ਗੋਲ ਕੀਤਾ, ਜਦਕਿ ਇੱਕ ਆਤਮਘਾਤੀ ਗੋਲ ਨੇ ਟੀਮ ਦੀ 5-0 ਦੀ ਵੱਡੀ ਜਿੱਤ ‘ਤੇ ਮੋਹਰ ਲਗਾ ਦਿੱਤੀ। ਸ਼ਾਨਦਾਰ ਪ੍ਰਦਰਸ਼ਨ ਲਈ ਕ੍ਰਿਸਟੀਆਨੋ ਰੋਨਾਲਡੋ ਨੂੰ ‘ਮੈਨ ਆਫ਼ ਦਿ ਮੈਚ’ ਦਾ ਐਵਾਰਡ ਦਿੱਤਾ ਗਿਆ।

ਕੋਲੰਬੀਆ ਨੇ ਕਾਂਗੋ ਨੂੰ ਹਰਾਇਆ

ਗਰੁੱਪ ‘ਕੇ’ ਦੇ ਇੱਕ ਹੋਰ ਮੁਕਾਬਲੇ ਵਿੱਚ ਕੋਲੰਬੀਆ ਨੇ ਡੈਨੀਅਲ ਮੁਨੋਜ਼ ਦੇ 76ਵੇਂ ਮਿੰਟ ਵਿੱਚ ਕੀਤੇ ਗੋਲ ਦੀ ਬਦੌਲਤ ਕਾਂਗੋ ਨੂੰ 1-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਕੋਲੰਬੀਆ ਨੇ ਲਗਾਤਾਰ ਦੂਜੀ ਜਿੱਤ ਹਾਸਲ ਕਰਦਿਆਂ ਛੇ ਅੰਕਾਂ ਨਾਲ ਅਗਲੇ ਗੇੜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।

ਕਰੋਏਸ਼ੀਆ ਦੀਆਂ ਉਮੀਦਾਂ ਬਰਕਰਾਰ

ਗਰੁੱਪ ‘ਐੱਲ’ ਦੇ ਮੁਕਾਬਲੇ ਵਿੱਚ ਕਰੋਏਸ਼ੀਆ ਨੇ ਆਂਤੇ ਬੁਦੀਮੀਰ ਦੇ ਇਕਲੌਤੇ ਗੋਲ ਦੀ ਬਦੌਲਤ ਪਨਾਮਾ ਨੂੰ 1-0 ਨਾਲ ਮਾਤ ਦਿੱਤੀ। ਇਸ ਹਾਰ ਨਾਲ ਪਨਾਮਾ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ, ਜਦਕਿ ਕਰੋਏਸ਼ੀਆ ਨੇ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜਿਊਂਦੀਆਂ ਰੱਖੀਆਂ।

ਇੰਗਲੈਂਡ-ਘਾਨਾ ਮੁਕਾਬਲਾ ਰਿਹਾ ਡਰਾਅ

ਇਸੇ ਗਰੁੱਪ ਦੇ ਇੱਕ ਹੋਰ ਮੁਕਾਬਲੇ ਵਿੱਚ ਇੰਗਲੈਂਡ ਅਤੇ ਘਾਨਾ ਦੀਆਂ ਟੀਮਾਂ ਭਾਰੀ ਮੀਂਹ ਕਾਰਨ ਪ੍ਰਭਾਵਿਤ ਮੈਚ ਵਿੱਚ ਕੋਈ ਵੀ ਗੋਲ ਨਹੀਂ ਕਰ ਸਕੀਆਂ। ਦੋਵੇਂ ਟੀਮਾਂ ਨੂੰ ਇੱਕ-ਇੱਕ ਅੰਕ ਨਾਲ ਸੰਤੁਸ਼ਟ ਹੋਣਾ ਪਿਆ ਅਤੇ ਮੁਕਾਬਲਾ 0-0 ਨਾਲ ਡਰਾਅ ਰਿਹਾ।

ਗਰੁੱਪ ਗੇੜ ਵਿੱਚ ਬਣਿਆ ਨਵਾਂ ਗੋਲਾਂ ਦਾ ਰਿਕਾਰਡ

ਹਿਊਸਟਨ: ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਗੇੜ ਵਿੱਚ ਸਭ ਤੋਂ ਵੱਧ ਗੋਲ ਹੋਣ ਦਾ ਨਵਾਂ ਰਿਕਾਰਡ ਵੀ ਬਣ ਗਿਆ ਹੈ। ਹੁਣ ਤੱਕ ਖੇਡੇ ਗਏ 45 ਮੈਚਾਂ ਵਿੱਚ ਕੁੱਲ 137 ਗੋਲ ਦਰਜ ਕੀਤੇ ਜਾ ਚੁੱਕੇ ਹਨ। ਇਸ ਨਾਲ 2014 ਦੇ ਵਿਸ਼ਵ ਕੱਪ ਦੌਰਾਨ 48 ਮੈਚਾਂ ਵਿੱਚ ਬਣੇ 136 ਗੋਲਾਂ ਦਾ ਪੁਰਾਣਾ ਰਿਕਾਰਡ ਟੁੱਟ ਗਿਆ ਹੈ।

ਪੁਰਤਗਾਲ ਦੀ ਉਜ਼ਬੇਕਿਸਤਾਨ ‘ਤੇ 5-0 ਦੀ ਜਿੱਤ ਤੋਂ ਬਾਅਦ ਇਹ ਨਵਾਂ ਰਿਕਾਰਡ ਬਣਿਆ ਹੈ। ਗਰੁੱਪ ਗੇੜ ਦੇ ਹਾਲੇ ਕਈ ਮੁਕਾਬਲੇ ਬਾਕੀ ਹਨ, ਜਿਸ ਕਾਰਨ ਗੋਲਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।