
ਕੁੱਲੂ/ਜਲੰਧਰ:
ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੀ ਮਣੀਕਰਨ ਘਾਟੀ ਵਿੱਚ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਰਸਾੜੀ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਜਲੰਧਰ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਬਾਬਾ ਬੁੱਢਾ ਜੀ ਨਗਰ ‘ਚ ਪਸਰਿਆ ਮਾਤਮ
ਮ੍ਰਿਤਕਾਂ ਦੀ ਪਛਾਣ ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਦੇ ਰਹਿਣ ਵਾਲੇ 45 ਸਾਲਾ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੀ 19 ਸਾਲਾ ਧੀ ਨਿਧੀ ਵਜੋਂ ਹੋਈ ਹੈ। ਇੱਕੋ ਝਟਕੇ ਵਿੱਚ ਪਿਓ-ਧੀ ਦੀ ਮੌਤ ਅਤੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪਰਿਵਾਰ ਬਾਰੇ ਜਾਣ ਕੇ ਰੋ ਪਏ ਗੁਆਂਢੀ
ਆਸ-ਪਾਸ ਦੇ ਲੋਕਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਇਹ ਬੇਹੱਦ ਚੰਗਾ ਅਤੇ ਮਿਹਨਤੀ ਪਰਿਵਾਰ ਸੀ। ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਜਾਵੇਗਾ।
- ਮ੍ਰਿਤਕ ਪਰਮਿੰਦਰ ਸਿੰਘ ਇੱਕ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਵਿੱਚ ਕੰਮ ਕਰਦੇ ਸਨ।
- ਉਨ੍ਹਾਂ ਦੀ ਪਤਨੀ ਘਰ ਵਿੱਚ ਹੀ ਬਿਊਟੀ ਪਾਰਲਰ ਚਲਾਉਂਦੀ ਹੈ।
- 19 ਸਾਲਾ ਮ੍ਰਿਤਕ ਧੀ ਨਿਧੀ, ਜੋ ਪੜ੍ਹਾਈ ਦੇ ਨਾਲ-ਨਾਲ ਆਪਣੀ ਮਾਂ ਦੇ ਬਿਊਟੀ ਪਾਰਲਰ ਦੇ ਕੰਮ ਵਿੱਚ ਹੱਥ ਵਟਾਉਂਦੀ ਸੀ।

ਘੁੰਮਣ ਗਏ ਪਰਿਵਾਰ ਨਾਲ ਵਾਪਰਿਆ ਭਾਣਾ
ਮਿਲੀ ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਇੱਕ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਘੁੰਮਣ ਲਈ ਕਾਰ ਰਾਹੀਂ ਰਵਾਨਾ ਹੋਏ ਸਨ। ਜਦੋਂ ਉਨ੍ਹਾਂ ਦੀ ਕਾਰ ਕੁੱਲੂ ਦੀ ਮਣੀਕਰਨ ਘਾਟੀ ਦੇ ਸਰਸਾੜੀ ਕੋਲ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਹਾਦਸੇ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
JalandharNews #HimachalAccident #KulluAccident #ManikaranValley #PunjabNews #RoadAccident #TragicNews #Jalandhar