Skip to main content

thepunjabilink.com

ਪੰਜਾਬ ਦੇ ਸ਼ਹਿਰੀ ਖੇਤਰਾਂ ਦੀ ਨੁਹਾਰ ਬਦਲਣ ਅਤੇ ਸਫ਼ਾਈ ਵਿਵਸਥਾ ਨੂੰ ਹਾਈਟੈਕ ਬਣਾਉਣ ਲਈ ਮਾਨ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਪਟਿਆਲਾ ਵਿਖੇ ਆਪਣੀ ਕਿਸਮ ਦੇ ਪਹਿਲੇ ‘ਹਾਈਬ੍ਰਿਡ ਸਫ਼ਾਈ ਮਾਡਲ’ ਦਾ ਆਗ਼ਾਜ਼ ਕੀਤਾ ਗਿਆ। ਇਸ ਮਾਡਲ ਤਹਿਤ ਅਗਲੇ 30 ਦਿਨਾਂ (ਇੱਕ ਮਹੀਨੇ) ਦੇ ਅੰਦਰ-ਅੰਦਰ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਬੁੱਧਵਾਰ ਸਵੇਰੇ ਪਟਿਆਲਾ ਦੀਆਂ ਸੜਕਾਂ ‘ਤੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪਟਿਆਲਾ ਤੋਂ ਬਾਅਦ ਇਸ ਸਫ਼ਾਈ ਮਾਡਲ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸਵੱਛ ਸੂਬਾ ਬਣਾਇਆ ਜਾ ਸਕੇ।

## ਕੀ ਹੈ ‘ਹਾਈਬ੍ਰਿਡ ਸਫ਼ਾਈ ਮਾਡਲ’ ਅਤੇ ਇਹ ਕਿਵੇਂ ਕਰੇਗਾ ਕੰਮ?

ਸ. ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਭਾਰਤ ਦਾ ਸਭ ਤੋਂ ਬਿਹਤਰ ਅਤੇ ਆਧੁਨਿਕ ਸਫ਼ਾਈ ਮਾਡਲ ਲਾਗੂ ਕੀਤਾ ਜਾ ਰਿਹਾ ਹੈ। ਇਹ ਇੱਕ ਚਹੁੰ-ਪੜਾਵੀਂ (4-Step) ਸਿਸਟਮ ਹੈ, ਜੋ ਹਰੇਕ ਵਾਰਡ ਲਈ ਪਹਿਲਾਂ ਤੋਂ ਤੈਅ ਹਫ਼ਤਾਵਾਰੀ ਸ਼ਡਿਊਲ ਮੁਤਾਬਕ ਕੰਮ ਕਰੇਗਾ:

  • ਪਹਿਲਾ ਪੜਾਅ: ਆਟੋਮੈਟਿਕ ਸ਼ਰੱਬ ਕਟਰ (ਝਾੜੀਆਂ ਕੱਟਣ ਵਾਲੀ ਮਸ਼ੀਨ) ਰਾਹੀਂ ਘਾਹ-ਫੂਸ ਦੀ ਮਸ਼ੀਨੀ ਕਟਾਈ।
  • ਦੂਜਾ ਪੜਾਅ: ਘਾਹ-ਫੂਸ, ਝਾੜੀਆਂ ਅਤੇ ਦਰੱਖਤਾਂ ਦੀਆਂ ਟਾਹਣੀਆਂ ਦੀ ਹੱਥੀਂ ਚੁਕਾਈ ਅਤੇ ਆਰਗੈਨਿਕ ਰਹਿੰਦ-ਖੂੰਹਦ ਨੂੰ ਇਕੱਠਾ ਕਰਨਾ।
  • ਤੀਜਾ ਪੜਾਅ: ਸੁਪਰ-ਸਕਸ਼ਨ ਮਸ਼ੀਨਾਂ ਅਤੇ ਹਾਈਟੈਕ ਸਕਰੱਬਰਜ਼ ਰਾਹੀਂ ਸੜਕਾਂ ਦੀ ਡੂੰਘੀ ਸਫ਼ਾਈ।
  • ਚੌਥਾ ਪੜਾਅ: ਅਖੀਰ ਵਿੱਚ ਆਧੁਨਿਕ ਤਰੀਕੇ ਨਾਲ ਸੜਕਾਂ ਦੀ ਮੁਕੰਮਲ ਧੁਆਈ (ਵਾਸ਼ਿੰਗ)।

“ਸਾਡੇ ਸਫ਼ਾਈ ਸੇਵਕ ਇਸ ਮੁਹਿੰਮ ਦੇ ਅਸਲ ਹੀਰੋ”

ਸਥਾਨਕ ਸਰਕਾਰਾਂ ਮੰਤਰੀ ਨੇ ਸਾਫ਼ ਕੀਤਾ ਕਿ ਇਸ ਸਿਸਟਮ ਵਿੱਚ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ:

“ਸਾਡੇ ਸਫ਼ਾਈ ਸੇਵਕ ਸਾਡੇ ਮੁੱਖ ਭਾਈਵਾਲ ਹਨ। ਮਸ਼ੀਨਾਂ ਭਾਰੀ ਤੇ ਮੁਸ਼ਕਿਲ ਕੰਮ ਕਰਨਗੀਆਂ, ਜਦਕਿ ਸਫ਼ਾਈ ਸੇਵਕ ਬਾਰੀਕੀ ਵਾਲਾ ਕੰਮ ਸੰਭਾਲਣਗੇ। ਇਹ ਸਿਸਟਮ ਸਫ਼ਾਈ ਸੇਵਕਾਂ ਦੀ ਹੱਥੀਂ ਕੀਤੀ ਜਾਣ ਵਾਲੀ ਸਖ਼ਤ ਮਿਹਨਤ ਨੂੰ ਘਟਾਉਣ ਅਤੇ ਕੰਮ ਦੀ ਰਫ਼ਤਾਰ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ।”

ਹਰ ਹਫ਼ਤੇ ਦਿਖੇਗਾ ਵੱਡਾ ਬਦਲਾਅ

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਆਉਣ ਵਾਲਾ ਹਰ ਹਫ਼ਤੇ ਇਸ ਸਿਸਟਮ ਵਿੱਚ ਹੋਰ ਸੁਧਾਰ ਦੇਖਣ ਨੂੰ ਮਿਲੇਗਾ ਅਤੇ ਸ਼ਹਿਰ ਦੀ ਹਰ ਸੜਕ ਚਮਕਦੀ ਹੋਈ ਨਜ਼ਰ ਆਵੇਗੀ। ਇੱਕ ਵਾਰ ਸੜਕਾਂ ਪੂਰੀ ਤਰ੍ਹਾਂ ਸਾਫ਼ ਹੋਣ ਤੋਂ ਬਾਅਦ ‘ਡੀਪ ਕਲੀਨਿੰਗ’ ਦੀ ਲੋੜ ਘਟ ਜਾਵੇਗੀ ਅਤੇ ਸਿਰਫ਼ ਸਫ਼ਾਈ ਨੂੰ ਬਰਕਰਾਰ ਰੱਖਣਾ ਹੋਵੇਗਾ।

ਉਨ੍ਹਾਂ ਦੁਹਰਾਇਆ ਕਿ ਪਟਿਆਲਾ ਨੂੰ ਇੱਕ ਮਹੀਨੇ ਵਿੱਚ ਨਮੂਨੇ ਦਾ ਸ਼ਹਿਰ ਬਣਾਉਣ ਤੋਂ ਤੁਰੰਤ ਬਾਅਦ ਇਸ ਹਾਈਬ੍ਰਿਡ ਮਾਡਲ ਨੂੰ ਪੂਰੇ ਸੂਬੇ ਦੇ ਬਾਕੀ ਸ਼ਹਿਰਾਂ ਵਿੱਚ ਵੀ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਜਾਵੇਗਾ।

PunjabNews #PatialaNews #BhagwantMann #HarjotSinghBains #CleanPunjab