thepunjabilink.com


ਲੁਧਿਆਣਾ/ਸਮਰਾਲਾ: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਤੋਂ ਕਰੀਬ 6 ਦਿਨ ਪਹਿਲਾਂ ਗਨ ਪੁਆਇੰਟ ‘ਤੇ ਅਗਵਾ ਕੀਤੀ ਗਈ ਮਸ਼ਹੂਰ ਪਲੇਅਬੈਕ ਪੰਜਾਬੀ ਗਾਇਕਾ ਅਤੇ ਮਾਡਲ ਯਸ਼ਿੰਦਰ ਕੌਰ ਉਰਫ਼ ਇੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਨੀਲੋਂ ਨਹਿਰ ਵਿੱਚੋਂ ਬਰਾਮਦ ਕੀਤਾ ਗਿਆ ਹੈ। ਪਰਿਵਾਰ ਨੇ ਮ੍ਰਿਤਕ ਦੇਹ ਦੀ ਪਛਾਣ ਕਰ ਲਈ ਹੈ, ਜਿਸ ਤੋਂ ਬਾਅਦ ਪੋਸਟਮਾਰਟਮ ਲਈ ਲਾਸ਼ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ।

6 ਦਿਨ ਪਹਿਲਾਂ ਹੋਈ ਸੀ ਅਗਵਾ

ਪੁਲਿਸ ਰਿਕਾਰਡ ਮੁਤਾਬਕ ਇਹ ਮਾਮਲਾ 13 ਮਈ ਦੀ ਰਾਤ ਦਾ ਹੈ। ਇੰਦਰ ਕੌਰ ਦੇ ਭਰਾ ਜੋਤਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਲੁਧਿਆਣਾ ਪੁਲਿਸ ਨੇ 15 ਮਈ ਨੂੰ ਐਫ.ਆਈ.ਆਰ. (FIR) ਦਰਜ ਕੀਤੀ ਸੀ। ਜੋਤਿੰਦਰ ਸਿੰਘ ਨੇ ਦੱਸਿਆ ਕਿ 13 ਮਈ ਦੀ ਰਾਤ ਨੂੰ ਕਰੀਬ 8:30 ਵਜੇ ਇੰਦਰ ਕੌਰ ਆਪਣੀ ਫੋਰਡ ਫਿਗੋ (Ford Figo) ਕਾਰ ਵਿੱਚ ਬਾਜ਼ਾਰ ਤੋਂ ਘਰ ਦਾ ਸਾਮਾਨ ਲੈਣ ਗਈ ਸੀ, ਪਰ ਉਹ ਵਾਪਸ ਨਹੀਂ ਪਰਤੀ।

ਵਿਆਹ ਤੋਂ ਨਾਂਹ ਕਰਨ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ

ਪਰਿਵਾਰ ਮੁਤਾਬਕ ਜਾਂਚ ਦੌਰਾਨ ਪਤਾ ਲੱਗਿਆ ਕਿ ਮੋਗਾ ਦੇ ਪਿੰਡ ਭਾਲੂਰ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਉਰਫ਼ ਸੁੱਖਾ ਇੰਦਰ ਕੌਰ ਨੂੰ ਜਾਣਦਾ ਸੀ। ਸੁੱਖਾ ਇੰਦਰ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਗਾਇਕਾ ਨੇ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਸੁੱਖਾ ਨੇ ਆਪਣੇ ਸਾਥੀ ਕਰਮਜੀਤ ਸਿੰਘ ਨਾਲ ਮਿਲ ਕੇ ਗਨ ਪੁਆਇੰਟ ‘ਤੇ ਇੰਦਰ ਕੌਰ ਨੂੰ ਅਗਵਾ ਕੀਤਾ ਅਤੇ ਬਾਅਦ ਵਿੱਚ ਉਸ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ।

ਮੁੱਖ ਮੁਲਜ਼ਮ ਕੈਨੇਡਾ ਫ਼ਰਾਰ > ਮ੍ਰਿਤਕਾ ਦੇ ਭਰਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੁਲਜ਼ਮ ਸੁਖਵਿੰਦਰ ਸੁੱਖਾ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਇਆ ਸੀ ਅਤੇ ਇਸ ਖ਼ੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਉਹ ਵਾਪਸ ਕੈਨੇਡਾ ਫ਼ਰਾਰ ਹੋ ਗਿਆ ਹੈ।

ਪੁਲਿਸ ਵੱਲੋਂ ਜਾਂਚ ਤੇਜ਼

ਇਸ ਘਟਨਾ ਤੋਂ ਬਾਅਦ ਇਲਾਕੇ ਅਤੇ ਪੰਜਾਬੀ ਮਿਊਜ਼ਿਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

InderKaur #InderKaurMurder #PunjabiSingerMurder #PunjabNews #LudhianaNews #SamralaNews #BreakingNewsPunjab #PunjabPolice #PunjabiIndustry