
ਅੰਮ੍ਰਿਤਸਰ/ਚੰਡੀਗੜ੍ਹ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਸੱਤ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ।
ਪਾਕਿਸਤਾਨੀ ਤਸਕਰਾਂ ਨਾਲ ਸੀ ਸੰਪਰਕ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ। ਹਥਿਆਰਾਂ ਦੀ ਇਹ ਖੇਪ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੀ ਗਈ ਸੀ, ਜਿਸ ਨੂੰ ਅੱਗੇ ਅਪਰਾਧਿਕ ਅਨਸਰਾਂ ਵਿੱਚ ਵੰਡਿਆ ਜਾਣਾ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ:
- ਸਮਰਬੀਰ ਸਿੰਘ ਉਰਫ਼ ਸਿਮਰ (21): ਵਾਸੀ ਮਹਿੰਦਰਾ ਕਲੋਨੀ, ਅੰਮ੍ਰਿਤਸਰ
- ਸਤਨਾਮ ਸਿੰਘ ਉਰਫ਼ ਸੱਤਾ (23): ਵਾਸੀ ਤਰਨ ਤਾਰਨ (ਮੌਜੂਦਾ ਅੰਮ੍ਰਿਤਸਰ)
- ਤਨੁਪ੍ਰੀਤ ਸਿੰਘ (26): ਵਾਸੀ ਪ੍ਰਤਾਪ ਨਗਰ, ਅੰਮ੍ਰਿਤਸਰ
- ਕਰਨਜੋਤ ਸਿੰਘ ਉਰਫ਼ ਸਾਜਨ (26): ਵਾਸੀ ਕ੍ਰਿਸ਼ਨਾ ਨਗਰ, ਅੰਮ੍ਰਿਤਸਰ
ਬਰਾਮਦ ਕੀਤੇ ਗਏ ਹਥਿਆਰ:
ਪੁਲਿਸ ਨੇ ਮੁਲਜ਼ਮਾਂ ਕੋਲੋਂ ਵਿਦੇਸ਼ੀ ਮਾਰਕਾ ਹਥਿਆਰ ਬਰਾਮਦ ਕੀਤੇ ਹਨ:
- ਦੋ 9MM ਗਲਾਕ ਪਿਸਤੌਲ (ਆਸਟਰੀਆ ਦੇ ਬਣੇ)
- ਚਾਰ .30 ਬੋਰ ਪਿਸਤੌਲ (ਚੀਨ ਦੇ ਬਣੇ)
- ਇੱਕ ਹੋਰ .30 ਬੋਰ ਪਿਸਤੌਲ
ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਪਰਾਧ ਦੀ ਦੁਨੀਆ ‘ਚ ਰੱਖਿਆ ਕਦਮ
ਸੀ.ਪੀ. ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਨੌਜਵਾਨ ਚੰਗੇ ਪੜ੍ਹੇ-ਲਿਖੇ ਹਨ ਅਤੇ ਪਹਿਲਾਂ ਇੱਕ ਨਿੱਜੀ ਫਰਮ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦੇ ਸਨ। ਮੁਲਜ਼ਮ ਸਤਨਾਮ ਸਿੰਘ ਪਹਿਲਾਂ ਵੀ 8 ਕਿਲੋ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਰਿਹਾ ਹੈ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਸਲਾ ਐਕਟ ਤਹਿਤ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੈੱਟਵਰਕ ਨਾਲ ਜੁੜੇ ਹੋਰ ਵੀ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।