
ਮੁੰਬਈ/ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਆਪਣੀ ਗਾਇਕੀ ਅਤੇ ਅਦਾਕਾਰੀ ਕਾਰਨ ਚਰਚਾ ਵਿੱਚ ਰਹਿੰਦੇ ਹਨ, ਪਰ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਦਿੱਤੇ ਗਏ ਇੱਕ ਰੂਹਾਨੀ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਲਾਈਵ ਸਟੇਜ ਦੌਰਾਨ ਦਿਲਜੀਤ ਨੇ ਆਪਣੀ ਜ਼ਿੰਦਗੀ, ਮੌਤ ਅਤੇ ਪੰਜਾਬ ਨੂੰ ਲੈ ਕੇ ਅਜਿਹੀਆਂ ਗੱਲਾਂ ਕਹੀਆਂ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
“ਮੈਂ ਇਹ ਸਰੀਰ ਤਿਆਗਣ ਦੀ ਕੋਸ਼ਿਸ਼ ਕੀਤੀ ਸੀ”
ਸਟੇਜ ਤੋਂ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦੇ ਹੋਏ ਦਿਲਜੀਤ ਨੇ ਬੇਹੱਦ ਭਾਵੁਕ ਅਤੇ ਗੰਭੀਰ ਲਹਿਜ਼ੇ ਵਿੱਚ ਕਿਹਾ, “ਮੈਂ ਇਹ ਦੁਨੀਆ ਪਹਿਲਾਂ ਹੀ ਛੱਡ ਚੁੱਕਾ ਹਾਂ। ਮੈਨੂੰ ਹੁਣ ਮੌਤ ਦਾ ਕੋਈ ਡਰ ਨਹੀਂ ਹੈ।” ਉਨ੍ਹਾਂ ਨੇ ਇੱਕ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਦਸੰਬਰ ਵਿੱਚ ਉਹ ਇਸ ਸਰੀਰ ਨੂੰ ਤਿਆਗਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸ਼ਾਇਦ ਕੁਝ ਕੰਮ ਅਜੇ ਬਾਕੀ ਸਨ, ਜਿਸ ਕਰਕੇ ਉਹ ਅਜੇ ਵੀ ਇੱਥੇ ਮੌਜੂਦ ਹਨ।
ਪੰਜਾਬ ਅਤੇ ਰੂਹਾਨੀਅਤ ਬਾਰੇ ਵੱਡੀ ਗੱਲ
ਦਿਲਜੀਤ ਨੇ ਅੱਗੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਪੰਜਾਬ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰਦਿਆਂ ਕਿਹਾ, “ਪੰਜਾਬ ਬਾਰੇ ਹਮੇਸ਼ਾ ਗੱਲਾਂ ਹੁੰਦੀਆਂ ਰਹੀਆਂ ਹਨ ਅਤੇ ਮੇਰੇ ਤੋਂ ਬਿਨਾਂ ਵੀ ਪੰਜਾਬ ਦੀ ਚਰਚਾ ਹਮੇਸ਼ਾ ਹੁੰਦੀ ਰਹੇਗੀ।” ਉਨ੍ਹਾਂ ਸਟੇਜ ਨੂੰ ਹੀ ਆਪਣਾ ਰੱਬ ਦੱਸਦਿਆਂ ਕਿਹਾ ਕਿ ਉਹ ਇਸ ਦੁਨੀਆ ਤੋਂ ਪਰੇ ਜਾ ਚੁੱਕੇ ਹਨ ਅਤੇ ਇਹੀ ਸੱਚਾਈ ਹੈ।