Skip to main content

thepunjabilink.com

ਗੋਰਾਇਆ (ਜਲੰਧਰ): ਜਲੰਧਰ ਦੇ ਗੋਰਾਇਆ ਨੇੜੇ ਨੈਸ਼ਨਲ ਹਾਈਵੇਅ ‘ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼ ਰਫਤਾਰ ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ ਕਾਰਨ ਦੋਵੇਂ ਵਾਹਨ ਸੜਕ ‘ਤੇ ਹੀ ਪਲਟ ਗਏ। ਇਸ ਹਾਦਸੇ ਵਿੱਚ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਾਬਣ ਨਾਲ ਲੱਦਿਆ ਹੋਇਆ ਸੀ ਟਰੱਕ

ਜਾਣਕਾਰੀ ਅਨੁਸਾਰ ‘ਨਵ ਭਾਰਤ ਟ੍ਰਾਂਸਪੋਰਟ’ ਦਾ ਟਰੱਕ (ਨੰਬਰ PB10 GS 0998), ਜੋ ਕਿ ਸਾਬਣ ਅਤੇ ਹੋਰ ਸਾਮਾਨ ਨਾਲ ਲੱਦਿਆ ਹੋਇਆ ਸੀ, ਜਲੰਧਰ ਵੱਲ ਜਾ ਰਿਹਾ ਸੀ। ਹਾਈਵੇਅ ‘ਤੇ ਅਚਾਨਕ ਕਾਰ ਨਾਲ ਟੱਕਰ ਹੋਣ ਮਗਰੋਂ ਟਰੱਕ ਬੇਕਾਬੂ ਹੋ ਕੇ ਡਿਵਾਈਡਰ ‘ਤੇ ਚੜ੍ਹ ਗਿਆ ਅਤੇ ਪਲਟ ਗਿਆ।

ਪੀੜਤ ਦਾ ਬਿਆਨ: “ਗੱਡੀ ਰੋਕੀ ਹੋਈ ਸੀ, ਫਿਰ ਵੀ ਪਿੱਛੋਂ ਮਾਰੀ ਟੱਕਰ”

ਹਾਦਸੇ ਵਿੱਚ ਜ਼ਖਮੀ ਹੋਏ ਨੌਜਵਾਨ ਸਰਬਜੀਤ ਨੇ ਦੱਸਿਆ ਕਿ ਉਸ ਨੇ ਆਪਣੀ ਗੱਡੀ ਖੜ੍ਹੀ ਕੀਤੀ ਹੋਈ ਸੀ ਅਤੇ ਉਹ ਪੰਪ ਵੱਲ ਜਾਣ ਦੀ ਤਿਆਰੀ ਵਿੱਚ ਸੀ। ਉਸ ਨੇ ਗੱਡੀ ਦਾ ਡਿੱਪਰ (ਇੰਡੀਕੇਟਰ) ਵੀ ਦਿੱਤਾ ਹੋਇਆ ਸੀ, ਪਰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਬੋਲੈਰੋ ਚਾਲਕ ਨੇ ਦੱਸਿਆ ਕਿ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਗੱਡੀ ਬਚਾਈ ਅਤੇ ਉਹ ਵਾਲ-ਵਾਲ ਬਚ ਗਿਆ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


#JalandharNews #Goraya #RoadAccident #PunjabPolice #NationalHighway #AccidentUpdate