
ਜਲੰਧਰ/ਨਕੋਦਰ (ਸੋਹਲ ਜਗੀਰ): ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਮੰਦਭਾਗੀ ਘਟਨਾ ਵਿੱਚ ਅਦਾਲਤ ਨੇ ਆਪਣੇ ਹੀ 6 ਸਾਲਾ ਮਾਸੂਮ ਪੁੱਤਰ ਦਾ ਕਤਲ ਕਰਨ ਵਾਲੀ ਕਲਯੁਗੀ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਿੰਡ ਸੋਹਲ ਜਗੀਰ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨੇ ਸਿਰਫ ਇਸ ਗੱਲੋਂ ਆਪਣੇ ਇਕਲੌਤੇ ਪੁੱਤਰ ਅਰਸ਼ਪ੍ਰੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਹ ਆਪਣੀ ਦਾਦੀ ਨਾਲ ਸੌਣ ਦੀ ਜ਼ਿੱਦ ਕਰ ਰਿਹਾ ਸੀ।
ਸਬਜ਼ੀ ਕੱਟਣ ਵਾਲੇ ਚਾਕੂ ਨਾਲ ਕੀਤੇ ਦੋ ਵਾਰ
ਇਹ ਖ਼ੌਫ਼ਨਾਕ ਘਟਨਾ 8 ਜੂਨ 2020 ਦੀ ਹੈ। ਮਾਸੂਮ ਅਰਸ਼ਪ੍ਰੀਤ ਆਪਣੀ ਦਾਦੀ ਚਰਨਜੀਤ ਕੌਰ ਨਾਲ ਬਹੁਤ ਜ਼ਿਆਦਾ ਲਗਾਓ ਰੱਖਦਾ ਸੀ, ਜੋ ਕਿ ਉਸਦੀ ਮਾਂ ਕੁਲਵਿੰਦਰ ਕੌਰ ਨੂੰ ਪਸੰਦ ਨਹੀਂ ਸੀ। ਘਟਨਾ ਵਾਲੀ ਰਾਤ ਜਦੋਂ ਬੱਚਾ ਫਿਰ ਤੋਂ ਦਾਦੀ ਕੋਲ ਜਾਣ ਦੀ ਜ਼ਿੱਦ ਕਰਨ ਲੱਗਾ ਤਾਂ ਗੁੱਸੇ ਵਿੱਚ ਆਈ ਮਾਂ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਬੱਚੇ ਦੇ ਪੇਟ ਵਿੱਚ ਦੋ ਵਾਰ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਹਾਲਤ ਵਿੱਚ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
ਦਾਦਾ ਦੇ ਬਿਆਨਾਂ ‘ਤੇ ਦਰਜ ਹੋਇਆ ਸੀ ਕੇਸ
ਬੱਚੇ ਦੇ ਦਾਦਾ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਅਵਤਾਰ ਸਿੰਘ ਮੁਤਾਬਕ ਜਦੋਂ ਉਨ੍ਹਾਂ ਨੇ ਬੱਚੇ ਦੀ ਚੀਕ ਸੁਣੀ ਅਤੇ ਕਮਰੇ ਵਿੱਚ ਗਏ ਤਾਂ ਅਰਸ਼ਪ੍ਰੀਤ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਕੁਲਵਿੰਦਰ ਕੌਰ ਦੇ ਹੱਥ ਵਿੱਚ ਚਾਕੂ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮਾਂ ਮੌਕੇ ਤੋਂ ਫ਼ਰਾਰ ਹੋ ਗਈ ਸੀ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਅਦਾਲਤ ਦਾ ਸਖ਼ਤ ਫੈਸਲਾ
ਕੇਸ ਦੀ ਸੁਣਵਾਈ ਕਰਦਿਆਂ ਮਾਨਯੋਗ ਅਦਾਲਤ ਨੇ ਇਸ ਨੂੰ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਇੱਕ ਮਾਂ ਵੱਲੋਂ ਆਪਣੇ ਹੀ ਮਾਸੂਮ ਬੱਚੇ ਦਾ ਕਤਲ ਕਰਨਾ ਸਮਾਜ ‘ਤੇ ਕਲੰਕ ਹੈ। ਸਬੂਤਾਂ ਅਤੇ ਗਵਾਹਾਂ ਦੇ ਆਧਾਰ ‘ਤੇ ਅਦਾਲਤ ਨੇ ਕੁਲਵਿੰਦਰ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
PunjabNews #CrimeNews #Jalandhar #Nakodar #PunjabPolice #JusticeForArshpreet #CrimeUpdate #PunjabiNewsWebsite