
ਅੰਮ੍ਰਿਤਸਰ/ਜਾਲੰਧਰ: ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟ ਹਸਪਤਾਲ ਦੇ 4 ਸੀਨੀਅਰ ਡਾਕਟਰਾਂ ਖ਼ਿਲਾਫ਼ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ 9 ਅਕਤੂਬਰ 2025 ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਸਰਜਰੀ ਦੌਰਾਨ ਵਰਿੰਦਰ ਘੁੰਮਣ ਦੀ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਹਸਪਤਾਲ ਪ੍ਰਬੰਧਕਾਂ ਅਤੇ ਡਾਕਟਰਾਂ ‘ਤੇ ਇਲਾਜ ਵਿੱਚ ਗੰਭੀਰ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਾਏ ਗਏ ਸਨ। ਇਸ ਮਾਮਲੇ ਦੀ ਜਾਂਚ ਲਈ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਮਾਹਿਰ ਡਾਕਟਰਾਂ ਦੀ ਇੱਕ SIT (ਵਿਸ਼ੇਸ਼ ਜਾਂਚ ਟੀਮ) ਬਣਾਈ ਗਈ ਸੀ।
SIT ਦੀ ਰਿਪੋਰਟ ‘ਚ ਹੋਇਆ ਖੁਲਾਸਾ
ਬੀਤੇ ਮਹੀਨੇ SIT ਨੇ ਆਪਣੀ ਰਿਪੋਰਟ ਸੌਂਪੀ ਸੀ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਕਿ ਵਰਿੰਦਰ ਘੁੰਮਣ ਦੀ ਮੌਤ ਆਪ੍ਰੇਸ਼ਨ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਹੈ। ਇਸ ਰਿਪੋਰਟ ਦੇ ਆਧਾਰ ‘ਤੇ ਹੀ ਪੁਲਿਸ ਨੇ ਹੁਣ ਕਾਨੂੰਨੀ ਕਾਰਵਾਈ ਕੀਤੀ ਹੈ।
ਇਨ੍ਹਾਂ ਡਾਕਟਰਾਂ ‘ਤੇ ਹੋਇਆ ਕੇਸ ਦਰਜ
ਅੰਮ੍ਰਿਤਸਰ ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 106(1) ਦੇ ਤਹਿਤ ਹੇਠ ਲਿਖੇ ਡਾਕਟਰਾਂ ਵਿਰੁੱਧ FIR ਦਰਜ ਕੀਤੀ ਹੈ:
ਡਾ. ਅਰੁਣ ਕੁਮਾਰ ਚੋਪੜਾ (ਕਾਰਡੀਓਲੋਜੀ ਵਿਭਾਗ ਦੇ ਕੰਸਲਟੈਂਟ)
ਡਾ. ਤਪਿਸ਼ ਸ਼ੁਕਲਾ (ਆਰਥੋਪੈਡਿਕ ਸਰਜਨ)
ਡਾ. ਅਲਕਾ ਤਿਵਾੜੀ (ਕੰਸਲਟੈਂਟ ਐਨਥੀਸੀਆ)
ਡਾ. ਰਾਜਿੰਦਰ ਕੌਰ (ਐਨਥੀਸੀਆ ਵਿਭਾਗ ਦੀ ਮੁਖੀ)
VarinderGhumman #AmritsarNews #FortisHospital #MedicalNegligence #PunjabPolice #BodybuilderDeath #PunjabNews #JalandharUpdate