thepunjabilink.com

ਜਲੰਧਰ: ਜਲੰਧਰ ਦੇ ਸੰਵਿਧਾਨ ਚੌਂਕ (ਬੀ.ਐੱਮ.ਸੀ. ਚੌਂਕ) ਦੇ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਆਡੀ ਕਾਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ। ਖ਼ੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਤੁਰੰਤ ਬਾਅਦ ਚਾਲਕ ਆਪਣੀ ਲਗਜ਼ਰੀ ਕਾਰ ਨੂੰ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਿਆ।

ਕਾਰ ਵਿੱਚੋਂ ਮਿਲੀਆਂ ਸ਼ਰਾਬ ਦੀਆਂ ਬੋਤਲਾਂ, ਲੱਗਿਆ ਜਾਮ

ਸੜਕ ਦੇ ਵਿਚਕਾਰ ਕਾਰ ਪਲਟਣ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਸਮੇਂ ਲਈ ਜਾਮ ਵਰਗੀ ਸਥਿਤੀ ਬਣ ਗਈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਕਾਰ ਦੇ ਅੰਦਰੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ, ਜਿਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਚਾਲਕ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ। ਰਾਹਗੀਰਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ-4 ਦੀ ਪੁਲਿਸ ਨੂੰ ਦਿੱਤੀ।

ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਦਿੱਤੀ ਜਾਣਕਾਰੀ

ਘਟਨਾ ਸਥਾਨ ਤੋਂ ਲੰਘ ਰਹੇ ਕਾਂਗਰਸ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਦੱਸਿਆ ਕਿ ਮੁਢਲੀ ਜਾਂਚ ਮੁਤਾਬਕ ਕਾਰ ਚਾਲਕ ਬੀ.ਐੱਸ.ਐੱਫ. ਚੌਂਕ ਵੱਲੋਂ ਸੰਵਿਧਾਨ ਚੌਂਕ ਵੱਲ ਆ ਰਿਹਾ ਸੀ। ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਚਾਲਕ ਸੰਤੁਲਨ ਖੋਹ ਬੈਠਾ। ਬੇਕਾਬੂ ਕਾਰ ਨੇ ਅੱਗੇ ਜਾ ਰਹੀ ਇੱਕ ਹੋਰ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਖ਼ੁਦ ਪਲਟ ਗਈ।

ਕੀ ਕਹਿਣਾ ਹੈ ਪੁਲਿਸ ਦਾ?

ਥਾਣਾ-4 ਦੀ ਐੱਸ.ਐੱਚ.ਓ. ਅਨੂ ਪਲਿਆਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸੰਵਿਧਾਨ ਚੌਂਕ ਨੇੜੇ ਇੱਕ ਕਾਰ ਪਲਟ ਗਈ ਹੈ ਅਤੇ ਰਾਹਗੀਰਾਂ ਨੂੰ ਲੰਘਣ ਵਿੱਚ ਦਿੱਕਤ ਆ ਰਹੀ ਹੈ। ਸੂਚਨਾ ਮਿਲਦੇ ਹੀ ਉਹ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਚਾਲਕ ਦੀ ਭਾਲ ਜਾਰੀ ਹੈ।

AudiCarAccident #ConstitutionChowk #BMCChowk #OverSpeeding #DrunkDriving #JalandharPolice #PunjabPolice